ਸਮੱਗਰੀ 'ਤੇ ਜਾਓ

ਜਾਦੂਈ ਵਾਇਲਨ (ਦ ਮੈਜਿਕ ਵਾਇਲਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।

ਜਾਦੂਈ ਵਾਇਲਨ (ਅੰਗਰੇਜ਼ੀ : ਦ ਮੈਜਿਕ ਵਾਇਲਨ; The Magic Violin) ਆਨੰਦ ਮਲਿਕ ਦੀ ਲਿਖੀ ਹੋਈ ਅੰਗਰੇਜ਼ੀ ਕਹਾਣੀ ਹੈ। ਇਹ ਇੱਕ ਮਿੱਥਕ ਕਹਾਣੀ ਹੈ ਅਤੇ ਇਸ ਨੂੰ ਬਾਲ ਕਹਾਣੀ ਵਜੋਂ ਸਵੀਕਾਰ ਕਰਦਿਆਂ ਇਸ ਨੂੰ ਸਿਲੇਬਸਾਂ ਦਾ ਹਿੱਸਾ ਬਣਾਇਆ ਗਿਆ ਹੈ। ਇਹ ਕਹਾਣੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨੌਵੀਂ ਜਮਾਤ ਦੀ ਸਪਲੀਮੈਂਟਰੀ ਅੰਗਰੇਜ਼ੀ ਸਾਹਿਤ ਦੀ ਪਾਠ ਪੁਸਤਕ ਵਿਚ ਸ਼ਾਮਿਲ ਕੀਤੀ ਗਈ ਹੈ।[1]

ਪਲਾਟ

ਸਿਕਲੀ ਨਾਂ ਦੇ ਇਕ ਪਿੰਡ ਵਿਚ ਇਕ ਮੁੰਡਾ ਰਹਿੰਦਾ ਸੀ ਜੋ ਕਿ ਅਨਾਥ ਅਤੇ ਬਹੁਤ ਗਰੀਬ ਸੀ। ਉਹ ਕੰਮ ਦੀ ਭਾਲ ਵਿਚ ਇਕ ਕਿਸਾਨ ਕੋਲ ਗਿਆ ਤੇ ਕੰਮ ਮੰਗਿਆ। ਕਿਸਾਨ ਨੇ ਉਸ ਨੂੰ ਆਪਣੇ ਘਰ ਅਤੇ ਨਿਜੀ ਕੰਮਾਂ ਵਾਸਤੇ ਰੱਖ ਲਿਆ ਪਰ ਤਨਖਾਹ ਦੀ ਕੋਈ ਗੱਲ ਨਾ ਹੋਈ। ਤਿੰਨ ਸਾਲ ਬੀਤਣ ਮਗਰੋਂ ਮੁੰਡੇ ਨੇ ਕਿਸਾਨ ਤੋਂ ਆਪਣਾ ਮਿਹਨਤਾਨਾ ਮੰਗਿਆ ਤਾਂ ਕਿਸਾਨ ਨੇ ਉਸ ਨੂੰ ਤਾਂਬੇ ਦੇ ਤਿੰਨ ਸਿੱਕੇ ਫੜਾਉਂਦਿਆਂ ਕਿਹਾ ਕਿ ਇਹੀ ਉਸ ਦੀ ਤਿੰਨ ਸਾਲਾਂ ਦੀ ਕਮਾਈ ਸੀ। ਮੁੰਡਾ ਨਿਰਾਸ਼ ਹੋ ਕੇ ਉੱਥੋਂ ਆ ਗਿਆ ਤੇ ਰਾਹ ਵਿਚ ਉਸ ਨੂੰ ਇਕ ਬੁੱਢਾ ਆਦਮੀ ਮਿਲਿਆ ਜੋ ਕਿ ਭੁੱਖਾ ਸੀ। ਮੁੰਡੇ ਨੇ ਆਪਣੇ ਤਿੰਨੋਂ ਸਿੱਕੇ ਉਸ ਬੁੱਢੇ ਨੂੰ ਫੜਾ ਦਿੱਤੇ ਕਿਉਂਕਿ ਉਸ ਕੋਲ ਦੇਣ ਨੂੰ ਹੋਰ ਕੁਝ ਵੀ ਨਹੀਂ ਸੀ।

ਉਹ ਬੁੱਢਾ ਇਕ ਫਰਿਸ਼ਤਾ ਸੀ ਜੋ ਉਸ ਮੁੰਡੇ ਦੀ ਪ੍ਰੀਖਿਆ ਲਈ ਆਇਆ ਸੀ। ਉਸ ਨੇ ਮੁੰਡੇ ਨੂੰ ਤੋਹਫੇ ਵਜੋਂ ਇਕ ਵਾਇਲਨ ਅਤੇ ਇਕ ਬੰਦੂਕ ਦਿੱਤੀ। ਵਾਇਲਨ ਵਜਾਉਂਦੇ ਸਾਰ ਆਲੇ-ਦੁਆਲੇ ਦੇ ਸਾਰੇ ਲੋਕ ਨੱਚਣ ਲੱਗ ਜਾਂਦੇ ਸਨ ਤੇ ਬੰਦੂਕ ਦਾ ਨਿਸ਼ਾਨਾ ਕਦੇ ਖੁੰਝਦਾ ਨਹੀਂ ਸੀ। ਮੁੰਡਾ ਕਿਸਾਨ ਕੋਲ ਵਾਪਿਸ ਆ ਗਿਆ ਤੇ ਉਸ ਨੇ ਬੰਦੂਕ ਨਾਲ ਕਿਸਾਨ ਦੇ ਪੰਛੀ ਨੂੰ ਮਾਰ ਦਿੱਤਾ। ਕਿਸਾਨ ਇਹ ਦੇਖ ਗੁੱਸੇ ਨਾਲ ਭਖ ਗਿਆ ਤੇ ਉਹ ਮੁੰਡੇ ਨੂੰ ਮਾਰਨ ਹੀ ਲੱਗਾ ਸੀ ਕਿ ਮੁੰਡੇ ਨੇ ਵਾਇਲਨ ਵਜਾਉਣੀ ਸ਼ੁਰੂ ਕਰ ਦਿੱਤੀ ਅਤੇ ਕਿਸਾਨ ਨੱਚਣ ਲੱਗ ਪਿਆ। ਜਦੋਂ ਕਿਸਾਨ ਨੱਚ-ਨੱਚ ਥੱਕ ਗਿਆ ਤਾਂ ਉਸ ਨੇ ਮੁੰਡੇ ਨੂੰ ਵਾਇਲਨ ਰੋਕਣ ਲਈ 10 ਹਜ਼ਾਰ ਚਾਂਦੀ ਦੇ ਸਿੱਕੇ ਦੇਣ ਦੀ ਪੇਸ਼ਕਸ਼ ਕੀਤੀ।

ਇਸ ਮਗਰੋਂ ਕਿਸਾਨ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਕਿ ਮੁੰਡੇ ਨੇ ਉਸ ਦੇ 10 ਹਜ਼ਾਰ ਚਾਂਦੀ ਦੇ ਸਿੱਕੇ ਚੁਰਾ ਲਏ ਹਨ। ਪੁਲਿਸ ਅਤੇ ਜੱਜ ਨੇ ਮੁੰਡੇ ਦੀ ਉਮਰ ਦੇ ਹਿਸਾਬ ਨਾਲ ਕਿਸਾਨ ਦੀ ਗੱਲ 'ਤੇ ਯਕੀਨ ਕਰ ਲਿਆ। ਜੱਜ ਨੇ ਮੁੰਡੇ ਨੂੰ ਸਜ਼ਾ ਦੇਣ ਹੀ ਲੱਗਾ ਸੀ ਕਿ ਮੁੰਡੇ ਨੇ ਆਪਣੀ ਆਖਰੀ ਇੱਛਾ ਜਤਾਈ। ਉਹ ਇਕ ਵਾਰ ਵਾਇਲਨ ਵਜਾਉਣੀ ਚਾਹੁੰਦਾ ਸੀ। ਮੁੰਡੇ ਦੀ ਵਾਇਲਨ ਨਾਲ ਜੱਜ, ਕਿਸਾਨ ਤੇ ਹੋਰ ਸਭ ਲੋਕ ਨੱਚਣ ਲੱਗ ਪਏ। ਮੁੰਡੇ ਦੀ ਵਾਇਲਨ ਰੋਕਣ ਲਈ ਕਿਸਾਨ ਉਸ ਨੂੰ ਸਚਮੁਚ 10 ਹਜ਼ਾਰ ਚਾਂਦੀ ਦੇ ਸਿੱਕੇ ਦੇਣ ਲਈ ਮੰਨ ਗਿਆ ਅਤੇ ਜੱਜ ਨੇ ਉਸ ਦੀ ਸਜ਼ਾ ਮੁਆਫ ਕਰ ਦਿੱਤੀ।

ਹੋਰ ਵੇਖੋ

ਹਵਾਲੇ

  1. https://web.archive.org/web/20230503135454/https://files-cdn.pseb.ac.in/pseb_files/books-2021-22/Class_9/English%20Litrature%20book-9.pdf. Archived from the original (PDF) on 2023-05-03. Retrieved 2023-05-03. {{cite web}}: Missing or empty |title= (help)