ਸਮੱਗਰੀ 'ਤੇ ਜਾਓ

ਕਾਰਲ ਮਾਰਕਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਸਵੀਰ:Karl Marx ੦੦੧.jpg
ਕਾਰਲ ਮਾਰਕਸ

ਕਾਰਲ ਹਾਈਨਰਿਖ਼ ਮਾਰਕਸ (ਜਰਮਨ:‌ Karl Heinrich Marx ) (੫ ਮਈ, ੧੮੧੮ – ੧੪ ਮਾਰਚ, ੧੮੮੩)[1] ਇੱਕ ਜਰਮਨ ਫ਼ਲਸਫ਼ਾਕਾਰ ਅਤੇ ਇਨਕਲਾਬੀ ਕਮਿਊਨਿਸਟ ਸੀ । ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ 'ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ 'ਤੇ ਡੂੰਘਾ ਅਸਰ ਪਾਇਆ ਹੈ[1][2]

ਜਨਮ ਅਤੇ ਪੜ੍ਹਾਈ

ਕਾਰਲ ਮਾਰਕਸ ਦਾ ਜਨਮ ਟਰੀਰ ਨਾਂ ਦੇ ਸ਼ਹਿਰ ਵਿਚ ਹੋਇਆ ਜੋ ਕਿ ਉਸ ਵਕਤ ਰਾਇਨਲੈਂਡ ਨਾਂ ਦੇ ਮੁਲਕ ਦਾ ਹਿੱਸਾ ਸੀ । ਮਾਰਕਸ ਦਾ ਟੱਬਰ ਇੱਕ ਯਹੂਦੀ ਖ਼ਾਨਦਾਨ ਸੀ‌ ਜਿਸ ਨੇ ਉਸ ਵਕਤ ਦੇ ਯਹੂਦੀਆਂ ਖ਼ਿਲਾਫ਼ ਕਾਨੂੰਨਾਂ ਕਰ ਕੇ ਇਸਾਈਅਤ ਕਬੂਲ ਕਰ ਰਹੀ ਸੀ । ਮਾਰਕਸ ਪੜ੍ਹਨ ਵਿਚ ਹੁਸ਼ਿਆਰ ਸੀ ਅਤੇ ਉਸ ਨੇ ਕਾਨੂੰਨ ਦੀ ਪੜ੍ਹਾਈ‌ ਬਾਨ ਅਤੇ ਬਰਲਿਨ ਨਾਂ ਦੇ ਸ਼ਹਿਰਾਂ ਵਿਚ ਕੀਤੀ‌ । ਆਪਾਣੀ ਪੜ੍ਹਾਈ ਪੂਰੀ ਕਰਨ ਲਈ‌ ਮਾਰਕਸ ਨੇ ਇੱਕ ਥੀਸਿਸ ਲਿਖੀ ਜਿਸ ਵਿਚ ਉਸ ਨੇ ਦਮਾਕ੍ਰੀਤ ਅਤੇ ਏਪੀਕ੍ਰੀਤ ਨਾਂ ਦੇ ਯੂਨਾਨੀ ਫ਼ਲਸਫ਼ਾਕਾਰਾਂ ਦੇ ਫ਼ਲਸਫ਼ਿਆਂ ਦੀ ਆਪਸ ਵਿਚ ਤੁਲਨਾ ਕੀਤੀ । ੧੮੪੧ ਵਿਚ ਆਪਣੀ ਤਾਲੀਮ ਖਤਮ ਕਰਨ ਤੋਂ ਬਾਅਦ ਮਾਰਕਸ ਕਿਸੇ ਯੂਨਿਵਰਸਿਟੀ ਵਿਚ ਨੌਕਰੀ ਦੀ‌ ਤਲਾਸ਼ ਵਿਚ ਸਨ । ਪਰ ਕਿਉਂਕਿ ਉਹ ਇਸ ਵਕਤ ਤਕ ਉਹ ਕਈ ਇਨਕਲਾਬੀ ਵਿਚਾਰਾਂ ਵਾਲੇ ਵਿਚਾਰਕਾਂ ਦੀ ਟੋਲੀਆਂ ਵਿਚ ਸ਼ਾਮਿਲ ਹੋ ਚੁੱਕੇ ਸਨ, ਕਿਸੀ ਵੀ ਯੂਨਿਵਰਸਿਟੀ ਵਿਚ ਨੌਕਰੀ ਹਾਸਿਲ ਕਰਨਾ ਹੁਣ ਦੂਰ ਦੀ‌ ਕੌੜ੍ਹੀ ਬਣ ਚੁੱਕਾ ਸੀ[2]

ਇਨਕਲਾਬੀ ਫ਼ਲਸਫ਼ੇ ਦਾ ਜਨਮ

ਮਾਰਕਸ ਦੀ ਜਨਮ ਧਰਤੀ ਸੂਬਾ ਰਾਏਨ ਸਨਅਤੀ ਤੌਰ ਤੇ ਬਹੁਤ ਵਿਕਸਿਤ ਸੀ । ਅਠਾਰਹਵੀਂ ਸਦੀ ਵਿੱਚ ਫ਼ਰਾਂਸ ਦੇ ਬੁਰਜ਼ਵਾਜ਼ੀ ਇਨਕਲਾਬ ਦੀ ਵਜ੍ਹਾ ਨਾਲ ਉਥੇ ਜਾਗੀਰਦਾਰੀ ਹੱਕ ਅਤੇ ਟੈਕਸ ਮਨਸੂਖ ਹੋ ਚੁੱਕੇ ਸਨ । ਕੋਇਲੇ ਦੇ ਜ਼ਖੀਰਿਆਂ ਨਾਲ ਹਾਸਲ ਸ਼ੁਦਾ ਵੱਡੀਆਂ ਵੱਡੀਆਂ ਰਕਮਾਂ ਨੇ ਸਨਅਤੀ ਤਰਕੀ ਦੇ ਲਈ ਹਾਲਾਤ ਸਾਜ਼ਗਾਰ ਕਰ ਦਿੱਤੇ ਸਨ । ਇਸ ਤਰ੍ਹਾਂ ਸੂਬਾ ਰਾਏਨ ਵਿੱਚ ਵੱਡੇ ਪੈਮਾਨੇ ਦੀ ਸਰਮਾਏਦਾਰੀ ਸਨਅਤ ਲੱਗ ਚੁੱਕੀ ਸੀ ਅਤੇ ਇਕ ਨਵਾਂ ਤਬਕਾ ਯਾਨੀ ਪਰੋਲਤਾਰੀਆ ਵੀ ਪੈਦਾ ਹੋ ਗਿਆ ਸੀ ।

੧੮੩੦ਤੋਂ ੧੮੩੫ਤੱਕ ਮਾਰਕਸ ਨੇ ਟਰਾਏਰ ਦੇ ਜਿਮਨਾਸਟਿਕ ਸਕੂਲ ਵਿੱਚ ਵਿਦਿਆ ਹਾਸਲ ਕੀਤੀ । ਜਿਸ ਮਜ਼ਮੂਨ ਤੇ ਉਸ ਨੂੰ ਬੀ ਏ ਦੀ ਡਿਗਰੀ ਦਿੱਤੀ ਗਈ ਸੀ ਉਸ ਦਾ ਸਿਰਲੇਖ ਸੀ ,' ਪੇਸ਼ਾ ਇਖ਼ਤਿਆਰ ਕਰਨ ਦੇ ਮੁਤਾਲਿਕ ਇਕ ਨੌਜਵਾਨ ਦੇ ਵਿਚਾਰ ।' ਇਸ ਮਜ਼ਮੂਨ ਤੋਂ ਪਤਾ ਚੱਲਦਾ ਹੈ ਕਿ ਇਸ ਸਤਰਾ ਸਾਲਾ ਨੌਂਜਵਾਨ ਨੇ ਸ਼ੁਰੂ ਤੋਂ ਹੀ ਆਪਣੀ ਜਿੰਦਗੀ ਦਾ ਮਕਸਦ ਇਨਸਾਨੀਅਤ ਦੀ ਬੇਗਰਜ਼ ਖਿਦਮਤ ਨੂੰ ਮਿੱਥ ਲਿਆ ਸੀ । ਜਿਮਨਾਸਟਿਕ ਸਕੂਲ ਦੀ ਵਿਦਿਆ ਮੁਕੰਮਲ ਕਰਨ ਦੇ ਬਾਅਦ ਮਾਰਕਸ ਨੇ ਪਹਿਲਾਂ ਤਾਂ ਬੋਨ ਵਿੱਚ ਫਿਰ ਬਰਲਿਨ ਯੂਨੀਵਰਸਿਟੀ ਵਿੱਚ ਕਾਨੂੰਨ ਪੜ੍ਹਿਆ । ਕਾਨੂੰਨ ਦੀ ਪੜ੍ਹਾਈ ਉਸ ਦਾ ਪਸੰਦੀਦਾ ਮਜ਼ਮੂਨ ਸੀ । ਲੇਕਿਨ ਉਸ ਨੇ ਫ਼ਲਸਫ਼ਾ ਅਤੇ ਇਤਹਾਸ ਵਿੱਚ ਵੀ ਗਹਿਰੀ ਦਿਲਚਸਪੀ ਲਈ ।

ਮਾਰਕਸ ਦੇ ਵਿਗਿਆਨਕ ਅਤੇ ਸਿਆਸੀ ਖਿਆਲ ਨੁਮਾਇਆਂ ਤੌਰ ਤੇ ਉਸ ਵਕਤ ਰੂਪਵਾਨ ਹੋਏ ਜਦੋਂ ਜਰਮਨੀ ਅਤੇ ਦੂਜੇ ਯੂਰਪੀ ਮੁਲਕਾਂ ਵਿੱਚ ਅਜ਼ੀਮ ਇਤਹਾਸਕ ਘਟਨਾਵਾਂ ਦੀ ਜ਼ਮੀਨ ਹਮਵਾਰ ਹੋ ਰਹੀ ਸੀ । ਸਰਮਾਏਦਾਰੀ ਦੇ ਤਰਕੀ ਕਰ ਜਾਣ ਨਾਲ ਯੂਰਪ ਦੇ ਬਹੁਤ ਸਾਰੇ ਮੁਲਕਾਂ ਵਿੱਚ ਜਾਗੀਰਦਾਰੀ ਰਿਸ਼ਤਿਆਂ ਦੀ ਰਹਿੰਦ ਖੂੰਹਦ ਬਹੁਤ ਜ਼ਿਆਦਾ ਨਾਕਾਬਲੇ ਬਰਦਾਸ਼ਤ ਹੋ ਗਈ ਸੀ । ਮਸ਼ੀਨਾਂ ਦੇ ਜ਼ਹੂਰ ਅਤੇ ਸਰਮਾਏਦਾਰਾਨਾ ਸਨਅਤ ਦੀ ਵੱਡੇ ਪੈਮਾਨੇ ਤੇ ਤਰਕੀ ਨੇ ਕਿਸਾਨਾਂ ਅਤੇ ਦਸਤਕਾਰਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ । ਪਰੋਲਤਾਰੀਆ ਦੀ ਸ਼ਕਲ ਸੂਰਤ ਇਕ ਅਜਿਹੇ ਤਬਕੇ ਵਰਗੀ ਹੋ ਗਈ ਸੀ ਜੋ ਪੈਦਾਵਾਰ ਦੇ ਤਮਾਮ ਵਸੀਲਿਆਂ ਤੋਂ ਮਹਿਰੂਮ ਹੋ ਚੁਕਾ ਸੀ । ਪਛਮੀ ਯੂਰਪ ਦੇ ਮੁਲਕਾਂ ਵਿੱਚ ਸਰਮਾਏਦਾਰੀ ਦੀ ਉਠਾਨ ਨੇ ਜਮਾਤੀ ਜੰਗ ਦੇ ਆਸਾਰ , ਬੂਰਜ਼ਵਾ ਜਮਹੂਰੀਅਤ ਅਤੇ ਕੌਮੀ ਅਜ਼ਾਦੀ ਦੀਆਂ ਲਹਿਰਾਂ ਨੂੰ ਨੁਮਾਇਆਂ ਕਰ ਦਿੱਤਾ । ਪਰੋਲਤਾਰੀਆ ਇਤਹਾਸਕ ਤਾਕਤ ਦੀ ਸੂਰਤ ਵਿੱਚ ਉੱਭਰ ਆਈ ਜੋ ਹੁਣੇ ਤੱਕ ਅਰੰਭਕ ਹਾਲਤ ਵਿੱਚ ਸੀ ਅਤੇ ਸਰਮਾਏਦਾਰਾਨਾ ਜ਼ੁਲਮ ਅਤੇ ਸਿਤਮ ਦੇ ਖਿਲਾਫ ਗ਼ੈਰ ਚੇਤਨ ਇਹਤਜਾਜ ਸੀ । ਅਰਧ ਜਾਗੀਰਦਾਰਾਨਾ ਪਸਮਾਂਦਾ , ਆਰਥਿਕ ਅਤੇ ਸਿਆਸੀ ਤੌਰ ਤੇ ਗ਼ੈਰ ਮੁਤਹਿਦਾ ਜਰਮਨੀ ਵਿੱਚ ਇਕ ਬੁਰਜ਼ਵਾ ਜਮਹੂਰੀ ਇਨਕਲਾਬ ਪਲ ਰਿਹਾ ਸੀ ਜਿੱਥੇ ਮੌਜੂਦ ਜਾਗੀਰਦਾਰੀ ਅਤੇ ਨਵੀਂ ਪੈਦਾ ਹੋਈ ਸਰਮਾਏਦਾਰੀ , ਦੋਨਾਂ ਦੇ ਹੱਥੋਂ ਲੋਕ ਦੋਹਰੇ ਜਬਰ ਦਾ ਸ਼ਿਕਾਰ ਸਨ । ੧੮੩੦ਵਾਲੀ ਦਹਾਈ ਦੇ ਆਖ਼ਰ ਵਿੱਚ੧੮੪੦ਵਾਲੀ ਦਹਾਈ ਦੇ ਸ਼ੁਰੂ ਵਿੱਚ ਜਰਮਨੀ ਦੇ ਜ਼ਿਆਦਾ ਤਰ ਜਨਤਾ ਵਿੱਚ ਬੇਚੈਨੀ ਦਾ ਅਹਿਸਾਸ ਘਰ ਕਰ ਗਿਆ ਸੀ । ਸਮਾਜੀ ਜਿੰਦਗੀ ਦੀਆਂ ਸਰਗਰਮੀਆਂ ਵਿੱਚ ਮੁਖ਼ਤਲਿਫ਼ ਵਿਰੋਧ ਜਨਮ ਲੈ ਰਹੇ ਸਨ । ਬੁਰਜ਼ਵਾਜ਼ੀ ਅਤੇ ਦਾਨਸ਼ਵਰਾਂ ਵਿੱਚ ਵੱਖ ਵੱਖ ਕਿਸਮ ਦੀਆਂ ਦੀਆਂ ਸਫ਼ਬੰਦੀਆਂ ਹੋ ਰਹੀਆਂ ਸਨ ।

ਹੀਗਲ ਦੇ ਕੰਮ ਨਾਲ ਮਾਰਕਸ ਦੀ ਪਛਾਣ ਉਸ ਦੇ ਵਿਦਿਆਰਥੀ ਜ਼ਮਾਨੇ ਤੋਂ ਹੀ ਹੋ ਗਈ ਸੀ ਜਦੋਂ ਉਸ ਨੇ ਹੀਗਲ ਦੇ ਨੌਜਵਾਨ ਪੈਰੋਕਾਰਾਂ ਨਾਲ,ਜੋ ਹੀਗਲ ਦੇ ਫ਼ਲਸਫ਼ੇ ਤੋਂ ਇੰਤਹਾਪਸੰਦਾਨਾ ਨਤੀਜੇ ਕੱਢਣ ਦੀ ਕੋਸ਼ਿਸ਼ ਕਰਦੇ ਸਨ, ਮੇਲ ਜੋਲ ਸ਼ੁਰੂ ਕਰ ਲਿਆ ਸੀ । ਮਾਰਕਸ ਦੇ ਥੀਸਿਸ ' ਡੇਮੋਕਰੀਟਸ ਦੇ ਕੁਦਰਤ ਦੇ ਫ਼ਲਸਫ਼ੇ ਅਤੇ ਏਪੀਕੀਊਰੀਅਸ ਦੇ ਕੁਦਰਤ ਦੇ ਫ਼ਲਸਫੇ ਵਿੱਚ ਫਰਕ' ਤੋਂ ਪਤਾ ਚੱਲਦਾ ਹੈ ਕਿ ਚਾਹੇ ਉਹ ਅਜੇ ਵਿਚਾਰਵਾਦ ਦੇ ਨੁਕਤਾ ਨਜ਼ਰ ਨਾਲ ਚਿੰਬੜਿਆ ਹੋਇਆ ਸੀ ਉਸ ਨੇ ਹੀਗਲ ਦੀ ਵਿਰੋਧ ਵਿਕਾਸੀ ਤਜ਼ਾਦ ਦੇ ਫ਼ਲਸਫ਼ੇ ਤੋਂ ਮਜ਼ਾਹਮਤੀ ਇਨਕਲਾਬੀ ਨਤੀਜੇ ਕਢਣੇ ਸ਼ੁਰੂ ਕਰ ਦਿੱਤੇ ਸਨ । ਮਿਸਾਲ ਦੇ ਤੌਰ ਤੇ ਜਦੋਂ ਹੀਗਲ ਨੇ ਏਪੀਕੀਊਰੀਅਸ ਨੂੰ ਉਸ ਦੇ ਪਦਾਰਥਵਾਦ ਅਤੇ ਨਾਸਤਿਕਤਾ ਕਾਰਨ ਸ਼ਦੀਦ ਆਲੋਚਨਾ ਦਾ ਨਿਸ਼ਾਨਾ ਬਣਾਇਆ , ਮਾਰਕਸ ਨੇ ਇਸ ਦੇ ਉਲਟ ਇਸ ਕਦੀਮ ਯੂਨਾਨੀ ਫ਼ਲਸਫ਼ੀ ਦੀ ਧਰਮ ਅਤੇ ਵਹਿਮਪ੍ਰਸਤੀ ਦੇ ਖਿਲਾਫ ਜੁਰਅਤਮੰਦਾਨਾ ਜਦੋ ਜਹਿਦ ਦੀ ਤਾਰੀਫ਼ ਕੀਤੀ । ਮਾਰਕਸ ਨੇ ਆਪਣਾ ਥੀਸਿਸ ਯੂਨੀਵਰਸਿਟੀ ਨੂੰ ਪੇਸ਼ ਕੀਤਾ ਅਤੇ ਅਪ੍ਰੈਲ ੧੮੪੧ ਵਿੱਚ ਫ਼ਲਸਫ਼ੇ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ।

ਯੂਨੀਵਰਸਟੀ ਦਾ ਕੰਮ ਖ਼ਤਮ ਕਰਨ ਦੇ ਬਾਅਦ ਉਸ ਨੇ ਚਾਹਿਆ ਕਿ ਉਹ ਆਪਣੇ ਆਪ ਨੂੰ ਇਲਮੀ ਕੰਮ ਦੇ ਲਈ ਵਕਫ਼ ਕਰ ਦੇਵੇ ਅਤੇ ਬੋਨ ਵਿੱਚ ਪ੍ਰੋਫੈਸਰ ਬਣ ਜਾਵੇ ਲੇਕਿਨ ਪਰੂਸ਼ੀਆ ਗੌਰਮਿੰਟ ਦੀ ਤਰਕੀ ਪਸੰਦ ਪਰੋਫ਼ੈਸਰਾਂ ਨੂੰ ਯੂਨੀਵਰਸਟੀਆਂ ਵਿੱਚੋਂ ਕੱਢ ਬਾਹਰ ਕਰਨ ਦੀ ਪਿਛਾਖੜੀ ਨੀਤੀ ਨਾਲ ਮਾਰਕਸ ਦਾ ਇਹ ਭਰੋਸਾ ਪੁਖ਼ਤਾ ਹੋ ਗਿਆ ਕਿ ਪਰੂਸ਼ੀਆ ਦੀਆਂ ਯੂਨੀਵਰਸਟੀਆਂ ਵਿੱਚ ਤਰਕੀ ਪਸੰਦਾਨਾ ਅਤੇ ਆਲੋਚਨਾਤਮਿਕ ਖ਼ਿਆਲਾਂ ਦੀ ਕੋਈ ਗੁੰਜਾਇਸ਼ ਨਹੀਂ । ਰੀਨਸ਼ੇ ਜੇਤੁੰਗ (Rheinische Zeitung )ਨੇ ਮਾਰਕਸ ਨੂੰ ਸਿਆਸੀ ਰੂੜੀਵਾਦ ਅਤੇ ਜ਼ੁਲਮ ਦੇ ਖਿਲਾਫ ਨਵੇਂ ਖ਼ਿਆਲਾਂ ਦਾ ਪਰਚਾਰ ਕਰਨ ਦੇ ਲਈ ਪਲੇਟਫ਼ਾਰਮ ਮੁਹਈਆ ਕਰ ਦਿੱਤਾ । ਉਹ ਅਪ੍ਰੈਲ ੧੮੪੨ ਨੂੰ ਇਸ ਅਖ਼ਬਾਰ ਨਾਲ ਜੁੜ ਗਿਆ ਅਤੇ ਉਸੇ ਸਾਲ ਅਕਤੂਬਰ ਵਿੱਚ ਉਸ ਦਾ ਐਡੀਟਰ ਬਣ ਗਿਆ । ਮਾਰਕਸ ਦੀ ਸੰਪਾਦਕੀ ਹੇਠ ਰੀਨਸ਼ੇ ਜੇਤੁੰਗ ਦਾ ਇਨਕਲਾਬੀ ਜਮਹੂਰੀ ਰੁਝਾਨ ਹੋਰ ਜ਼ਿਆਦਾ ਸਪਸ਼ਟ ਹੋ ਗਿਆ । ਉਸ ਨੇ ਸਮਾਜੀ ,ਸਿਆਸੀ ਅਤੇ ਰੂਹਾਨੀ ਹਕੂਮਤ ਦੇ ਹਰ ਜਬਰ ਦੇ ਖਿਲਾਫ ਬੇਬਾਕਾਨਾ ਬਗਾਵਤ ਕਰ ਦਿੱਤੀ ਜੋ ਪਰੂਸ਼ੀਆ ਅਤੇ ਤਮਾਮ ਜਰਮਨੀ ਵਿੱਚ ਫੈਲ ਗਈ । ਮਾਰਕਸ ਨੇ ਇਕ ਸੱਚੇ ਜਮਹੂਰੀ ਇਨਕਲਾਬੀ ਦੀਆਂ ਤਰ੍ਹਾਂ ਆਪਣੇ ਲੇਖਾਂ ਵਿੱਚ ਜਨਤਾ ਦੀਆਂ ਆਰਥਿਕ ਗ਼ਰਜਾਂ ਦਾ ਪੱਖ ਪੂਰਿਆ । ਅਖ਼ਬਾਰ ਦੇ ਤਜਰਬੇ ਨਾਲ ਮਾਰਕਸ ਨੂੰ ਮਜ਼ਦੂਰਾਂ ਦੇ ਹਾਲਾਤ ਅਤੇ ਜਰਮਨੀ ਦੀ ਸਿਆਸੀ ਜਿੰਦਗੀ ਦਾ ਭਰਪੂਰ ਸ਼ਊਰ ਹਾਸਲ ਹੋਇਆ । ਲੋਕਾਂ ਦੀਆਂ ਭਖਦੀਆਂ ਜ਼ਰੂਰਤਾਂ ਦੇ ਬਾਰੇ ਵਿੱਚ ਵੀ ਪੂਰੂਸ਼ੀਆ ਦੀ ਹਕੂਮਤ ਅਤੇ ਉਸ ਦੇ ਅਫ਼ਸਰਾਂ ਦੇ ਜਾਲਮ ਰਵਈਏ ਦੇ ਦਰਜਨਾਂ ਤਥ ਵੇਖਦੇ ਹੋਏ ਮਾਰਕਸ ਇਸ ਨਤੀਜੇ ਤੇ ਅੱਪੜਿਆ ਕਿ ਇਹ ਹਕੂਮਤ , ਇਸ ਦੇ ਅਫ਼ਸਰ ਅਤੇ ਉਸ ਦੇ ਕਾਨੂੰਨ , ਲੋਕਾਂ ਦੀਆਂ ਇਛਾਵਾਂ ਦੇ ਰਾਖੇ ਅਤੇ ਅਕਸ ਨਹੀਂ ਬਲਕਿ ਹੁਕਮਰਾਨਾਂ ਦੇ ਹਿਤਾਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਵਿੱਚ ਅਮੀਰ ਅਤੇ ਮੁਲਾਣੇ ਵੀ ਸ਼ਾਮਿਲ ਹਨ । ਇਹ ਰੀਨਸ਼ੇ ਜੇਤੁੰਗ ਵਿੱਚ ਕੰਮ ਕਰਨ ਦਾ ਨਤੀਜਾ ਸੀ ਕਿ ਉਸ ਨੇ ਆਰਥਿਕਤਾ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ । ਏਂਗਲਜ਼ ਦੇ ਮੁਤਾਬਿਕ ਬਾਅਦ ਵਿੱਚ ਮਾਰਕਸ ਅਕਸਰ ਕਿਹਾ ਕਰਦਾ ਸੀ ਕਿ ਇਹ ‘ਲੱਕੜ ਚੋਰੀ ਦਾ ਕਾਨੂੰਨ ਪੜ੍ਹਨ ਅਤੇ ਮੋਜ਼ਲੇ ਦੇ ਕਿਸਾਨਾਂ ਦੇ ਹਾਲਾਤ ਦੀ ਘੋਖ ਕਰਨ ਦਾ ਨਤੀਜਾ ਸੀ ਜਿਸ ਨੇ ਉਸਨੂੰ ਖ਼ਾਲਸ ਰਾਜਨੀਤੀ ਨਾਲ ਆਰਥਿਕ ਸੰਬੰਧਾਂ ਦੀ ਤਰਫ਼ ਆਕਰਸ਼ਤ ਕੀਤਾ ਅਤੇ ਇਸ ਤਰ੍ਹਾਂ ਉਸਨੂੰ ਸੋਸ਼ਲਿਜ਼ਮ ਦੀ ਰਾਹ ਵਿਖਾਈ ।‘

ਮਾਰਕਸ ਦੀ ਆਰਥਿਕ ਅਤੇ ਸਮਾਜੀ ਮਸਲਿਆਂ ਪ੍ਰਤੀ ਭਰਪੂਰ ਲਗਨ ਨਾ ਸਿਰਫ਼ ਜਰਮਨੀ ਦੇ ਜਨਤਾ ਦੀ ਤਕਲੀਫ਼ ਦੇਹ ਬਦਹਾਲੀ ਅਤੇ ਮਹਿਰੂਮੀ ਵੇਖ ਕੇ ਜਾਗੀ ਸੀ ਬਲਕਿ ਨਿਹਾਇਤ ਵਿਕਸਿਤ ਸਰਮਾਏਦਾਰ ਮੁਲਕਾਂ , ਬਰਤਾਨੀਆ ਅਤੇ ਫ਼ਰਾਂਸ ਦੇ ਹਾਲਾਤ ਅਤੇ ਘਟਨਾਵਾਂ ਨਾਲ ਵੀ ਉਭਰੀ ਸੀ । ਲਿਓਨਜ ਦੇ ਮਜ਼ਦੂਰਾਂ ਦੀਆਂ ੧੮੩੧ ਅਤੇ੧੮੩੪ ਦੀਆਂ ਹਲਚਲਾਂ , ੧੮੩੦ ਦੇ ਆਖਿਰ ਵਿੱਚ ਬਰਤਾਨੀਆ ਦੇ ਮਿਹਨਤਕਸ਼ਾਂ ਵਿੱਚ ਇਨਕਲਾਬੀ ਲਹਿਰ __ ਇਨ੍ਹਾਂ ਸਭ ਨੇ ੧੮੪੨ ਵਿੱਚ ਆਪਣੇ ਸਿਖਰੀ ਨੁਕਤੇ ਤੇ ਪਹੁੰਚ ਕੇ ਸਿਆਸੀ ਕਰਦਾਰ ( ਚਾਰਟਿਜ਼ਮ ) ਆਪਣਾ ਲਿਆ । ਇਸ ਤਰ੍ਹਾਂ ਮਜ਼ਦੂਰਾਂ ਦੇ ਕੁੱਝ ਹੋਰ ਅਮਲੀ ਕਦਮ ਬਹੁਤ ਜ਼ਿਆਦਾ ਸਿਆਸੀ ਅਹਿਮੀਅਤ ਦੇ ਧਾਰਨੀ ਸਨ । ਇਸ ਵਕਤ ਤੋਂ ਯੂਰਪ ਦੇ ਨਿਹਾਇਤ ਵਿਕਸਿਤ ਮੁਲਕਾਂ ਵਿੱਚ ਬੁਰਜ਼ਵਾਜ਼ੀ ਅਤੇ ਪਰੋਲਤਾਰੀਆ ਵਿੱਚ ਜਮਾਤੀ ਕਸ਼ਮਕਸ਼ ਦਾ ਧਾਰਾ ਹੋਰ ਸਪਸ਼ਟ ਹੋ ਗਿਆ ।

ਨਵੇਂ ਤਬਕੇ ਯਾਨੀ ਪਰੋਲਤਾਰੀਆ ਦੀ ਜਦੋਜਹਿਦ ਵਿੱਚ ਸ਼ਮੂਲੀਅਤ ਨੇ ਮਾਰਕਸ ਨੂੰ ਉਕਸਾਇਆ ਕਿ ਉਹ ਨਿਸਬਤਨ ਨਵੇਂ ਸਮਾਜੀ ਆਰਥਿਕ ਮਸਲਿਆਂ ਵਿੱਚ ਗਹਿਰੀ ਦਿਲਚਸਪੀ ਲਵੇ। ਇਵੇਂ ਉਸ ਦੀ ਦਿਲਚਸਪੀ ਸੋਸ਼ਲਿਸਟ ਸਾਹਿਤ ਵਿੱਚ ਵਧੀ ਜੋ ਉਨ੍ਹੀਂ ਦਿਨੀਂ ਬਰਤਾਨੀਆ ਅਤੇ ਫ਼ਰਾਂਸ ਵਿੱਚ ਪ੍ਰਕਾਸ਼ਿਤ ਹੁੰਦਾ ਸੀ । ਰੀਨਸ਼ੇ ਜੇਤੁੰਗ ਵਿੱਚ ਕੰਮ ਕਰਨ , ਜਿੰਦਗੀ ਨਾਲ ਬੇਬਾਕ ਨਿੱਪਟਨ , ਜਰਮਨੀ ਦੇ ਆਮ ਲੋਕਾਂ ਦੀਆਂ ਕੋਸ਼ਿਸ਼ਾਂ ਦੇਖਣ ਅਤੇ ਦੂਜੇ ਮੁਲਕਾਂ ਵਿੱਚ ਚਲਣ ਵਾਲੀਆਂ ਮਜ਼ਦੂਰ ਲਹਿਰਾਂ ਨਾਲ ਵਾਕਫ਼ੀਅਤ ਹਾਸਲ ਕਰਨ ਦੀ ਵਜ੍ਹਾ ਨਾਲ ਨੌਜਵਾਨ ਮਾਰਕਸ ਤੇ ਜਬਰਦਸਤ ਅਸਰ ਪਏ । ਬਕੌਲ ਲੈਨਿਨ , ਇੱਥੇ ਸਾਨੂੰ ਮਾਰਕਸ ਵਿੱਚ ਵਿਚਾਰਵਾਦ ਤੋਂ ਪਦਾਰਥਵਾਦ ਅਤੇ ਇਨਕਲਾਬੀ ਜਮਹੂਰੀਅਤ ਤੋਂ ਕਮਿਊਨਿਜ਼ਮ ਦੀ ਤਰਫ਼ ਵਧਣ ਦੇ ਆਸਾਰ ਨਜ਼ਰ ਆਉਂਦੇ ਹਨ । ਪਰੂਸ਼ੀਆ ਦੀ ਹਕੂਮਤ, ਰੀਨਸ਼ੇ ਜੇਤੁੰਗ ਦੇ ਰੁਝਾਨ ਅਤੇ ਉਸ ਦੇ ਤੇਜ਼ੀ ਨਾਲ ਵਧਦੇ ਹੋਏ ਅਸਰਾਂ ਤੋਂ ਖ਼ੌਫ਼ਜ਼ਦਾ ਹੋ ਗਈ । ਉਸ ਨੇ ਅਖ਼ਬਾਰ ਤੇ ਸੈਂਸਰਸ਼ਿਪ ਦੀ ਪਾਬੰਦੀ ਸਖ਼ਤ ਕਰ ਦਿੱਤੀ ਅਤੇ ਆਖ਼ਰਕਾਰ ਜਨਵਰੀ ੧੮੪੩ ਨੂੰ ਇੱਕ ਅਪ੍ਰੈਲ ੧੮੪੩ ਤੋਂ ਉਸ ਦੀ ਜ਼ਬਤੀ ਦੀ ਡਿਗਰੀ ਦੇ ਦਿੱਤੀ । ਇਸ ਸਾਲ ੧੭ ਮਾਰਚ ਨੂੰ ਅਖ਼ਬਾਰ ਦੇ ਹਿਸੇਦਾਰਾਂ ਦੇ ਮਨਸੂਬਿਆਂ ਨਾਲ ਇਖ਼ਤਲਾਫ਼ ਕਰਦੇ ਹੋਏ ਜੋ ਅਖ਼ਬਾਰ ਦੀ ਪਾਲਿਸੀ ਨਰਮ ਕਰਨਾ ਚਾਹੁੰਦੇ ਸਨ , ਮਾਰਕਸ ਨੇ ਅਸਤੀਫਾ ਦੇ ਦਿੱਤਾ । ਉਸ ਨੇ ਬਾਹਰਲੇ ਮੁਲਕ ਜਾਣ ਦਾ ਫੈਸਲਾ ਕਰ ਲਿਆ । ਮਕਸਦ ਇਹ ਸੀ ਕਿ ਬਾਹਰ ਤੋਂ ਇੱਕ ਇਨਕਲਾਬੀ ਪਰਚਾ ਪ੍ਰਕਾਸ਼ਿਤ ਕੀਤਾ ਜਾਵੇ ਜੋ ਸਰਹਦਾਂ ਦੇ ਬਾਹਰ ਤੋਂ ਜਰਮਨੀ ਦੇ ਅੰਦਰ ਭੇਜਿਆ ਜਾਵੇ । ਮਾਰਕਸ ਦੇ ਖ਼ਿਆਲ ਵਿੱਚ ਉਸ ਪਰਚੇ ਦਾ ਮਕਸਦ ਹਰ ਮੋਜੂ ਤੇ ਬੇਰਹਿਮ ਆਲੋਚਨਾ ਸੀ ।

ਜਰਮਨੀ ਨੂੰ ਛੱਡਣ ਤੋਂ ਬਾਅਦ ਮਾਰਕਸ ਨੇ ਜੈਨੀ ਵਾਨ ਵਾਸੀਟਖ਼ੀਲਨ ਨਾਲ ਵਿਆਹ ਕਰ ਲਿਆ ਜੋ ਉਸ ਦੀ ਬਚਪਨ ਦੀ ਦੋਸਤ ਸੀ ਅਤੇ ਜਿਸ ਨਾਲ ਉਸ ਦੀ ਮੰਗਣੀ ਉਸੇ ਵਕਤ ਹੋ ਗਈ ਸੀ ਜਦੋਂ ਉਹ ਸਕੂਲ ਵਿੱਚ ਪੜ੍ਹਦਾ ਸੀ । ਉਸ ਨੇ ੧੮੪੩ ਦੀਆਂ ਗਰਮੀਆਂ ਅਤੇ ਖ਼ਿਜ਼ਾਂ ਕਰੂਜ਼ਨੀਸ਼ ਵਿੱਚ ਗਜ਼ਾਰੀਆਂ , ਜਿੱਥੇ ਉਸ ਨੇ ਹੀਗਲ ਦੇ ਹੱਕ ਦੇ ਫ਼ਲਸਫ਼ੇ ਦਾ ਆਲੋਚਨਾਤਮਿਕ ਅਧਿਐਨ ਸ਼ੁਰੂ ਕੀਤਾ । ‘ਹੀਗਲ ਦੇ ਹੱਕ ਦੇ ਫ਼ਲਸਫ਼ੇ ਤੇ ਆਲੋਚਨਾ’ ਨਾਮੀ ਕਿਤਾਬ ਸਾਡੇ ਤੱਕ ਇਕ ਨਾ ਮੁਕੰਮਲ ਮਸੌਦੇ ਦੇ ਰੂਪ ਵਿੱਚ ਪਹੁੰਚੀ । ਇਹ ਕਿਤਾਬ ਮਾਰਕਸ ਦੇ ਨਵੇਂ ਵਿਸ਼ਵ ਪਦਾਰਥਵਾਦੀ ਨੁਕਤਾ ਨਜ਼ਰ ਦੀ ਤਰਫ਼ ਰੁਝਾਨ ਦੀ ਨੁਮਾਇੰਦਗੀ ਕਰਦੇ ਹੋਏ ਮੀਲ ਪਥਰ ਦੀ ਹੈਸੀਅਤ ਰੱਖਦੀ ਹੈ । ਜਿਵੇਂ ਕਿ ਉਸ ਨੇ ਹਰ ਮੌਜੂਦ ਚੀਜ਼ ਤੇ ਬੇਰਹਿਮ ਆਲੋਚਨਾ ਕਰਨ ਦਾ ਔਖਾ ਦਾਅਵਾ ਕੀਤਾ ਸੀ । ਮਾਰਕਸ ਨੇ ਇਸ ਆਲੋਚਨਾ ਦਾ ਆਗਾਜ਼ ਇਕ ਅਜਿਹੇ ਸਵਾਲ ਨਾਲ ਨਿੱਬੜਨ ਨਾਲ ਕੀਤਾ ਜਿਸ ਨਾਲ ਉਸ ਦਾ ਵਾਸਤਾ ਰੀਨਸ਼ੇ ਜੇਤੁੰਗ ਵਿੱਚ ਕੰਮ ਕਰਨ ਦੇ ਦੌਰਾਨ ਪੈ ਚੁੱਕਾ ਸੀ । ਸਵਾਲ ਸੀ ਕਿ ਰਾਜ ਅਤੇ ਸਮਾਜੀ ਜਿੰਦਗੀ ਦੀਆਂ ਪਦਾਰਥਕ ਹਾਲਤਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ । ਅਤੇ ਇਹ ਕਿਸ ਤਰ੍ਹਾਂ ਇਕ ਦੂਜੇ ਤੇ ਨਿਰਭਰ ਕਰਦੀਆਂ ਹਨ ਇਸ ਸਵਾਲ ਦਾ ਵਿਗਿਆਨਕ ਜਵਾਬ ਰਾਜ ਅਤੇ ਕਾਨੂੰਨ ਦੇ ਮਤਾਲਿਕ ਹੀਗਲ ਦੇ ਪਿਛਾਖੜੀ ਵਿਚਾਰਵਾਦੀ ਨਜ਼ਰੀਏ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਕਰਨ ਦੇ ਬਗ਼ੈਰ ਦੇਣਾ ਨਾਮੁਮਕਿਨ ਸੀ । ਮਾਰਕਸ ਪਹਿਲੀ ਹਸਤੀ ਸੀ ਜਿਸ ਨੇ ਇਹ ਕੰਮ ਕੀਤਾ । ਲੁਡਵਿਗ ਫ਼ੀਊਰਬਾਖ਼ ਜਿਸ ਦੇ ਹਵਾਲੇ ਹੀਗਲ ਦੇ ਵਿਚਾਰਵਾਦੀ ਫ਼ਲਸਫ਼ੇ ਦੇ ਖਿਲਾਫ ਪੇਸ਼ ਕੀਤੇ ਜਾਂਦੇ ਸਨ ( ਅਤੇ ਇਹ ਮਾਰਕਸ ਨੂੰ ਪਦਾਰਥਵਾਦ ਦੀ ਤਰਫ਼ ਲੈ ਜਾਣ ਵਿੱਚ ਮਦਦਗਾਰ ਵੀ ਸਾਬਤ ਹੋਏ ਸਨ ) ਉਹ ਵੀ ਕੁਦਰਤ ਦੇ ਵਰਤਾਰਿਆਂ ਦੀ ਵਜ਼ਾਹਤ ਕਰਨ ਦੀ ਹੱਦ ਤੱਕ ਪਦਾਰਥਵਾਦ ਪਸੰਦ ਸੀ ਅਤੇ ਇਤਹਾਸਕ ਅਤੇ ਸਮਾਜੀ ਰਿਸ਼ਤਿਆਂ ਅਤੇ ਸਿਆਸਤ ਦੀ ਵਿਆਖਿਆ ਕਰਦੇ ਹੋਏ ਵਿਚਾਰਵਾਦੀ ਬਣ ਜਾਂਦਾ ਸੀ । ਮਾਰਕਸ ਨੇ ਜਿੱਥੇ ਫ਼ੀਊਰਬਾਖ਼ ਦੀ ਤਾਰੀਫ਼ ਕੀਤੀ ਕਿ ਉਹ ਪਲੇਠੀ ਦਾ ਪਦਾਰਥਵਾਦੀ ਫ਼ਲਸਫ਼ੀ ਸੀ , ਉਥੇ ਉਸ ਦੇ ਪਦਾਰਥਵਾਦ ਦੀਆਂ ਸੀਮਾਵਾਂ ਅਤੇ ਨਾਹਮਵਾਰੀਆਂ ਦੀ ਵੀ ਨਿਸ਼ਾਨਦਹੀ ਕਰ ਦਿੱਤੀ ਹੈ । ਫ਼ੀਊਰਬਾਖ਼ ਤੋਂ ਦੂਰੀ ਰੱਖਦੇ ਹੋਏ ਮਾਰਕਸ ਨੇ ਪਦਾਰਥਕ ਦੁਨੀਆਂ ਦਾ ਇਕ ਜੁੜਵਾਂ ਅਤੇ ਮੁਸਤਹਿਕਮ ਨਜ਼ਰੀਆ ਤਿਆਰ ਕਰਨ ਤੇ ਜ਼ੋਰ ਦਿੱਤਾ ਜੋ ਸਮਾਜੀ ਜਿੰਦਗੀ ਅਤੇ ਪ੍ਰਕਿਰਤਕ ਜਿੰਦਗੀ ਦੋਨਾਂ ਤੇ ਢੁਕਵਾਂ ਹੋਵੇ ।

ਹੀਗਲ ਦੇ ਹੱਕ ਦੇ ਫ਼ਲਸਫ਼ੇ ਦੇ ਅਧਿਐਨ ਦੇ ਆਖ਼ਰ ਵਿੱਚ ਉਹ ਜਿਨ੍ਹਾਂ ਨਤੀਜਿਆਂ ਤੇ ਅੱਪੜਿਆ ਉਹ ਉਸ ਨੇ ਬਾਅਦ ਵਿੱਚ ‘ਸਿਆਸੀ ਆਰਥਿਕਤਾ ਤੇ ਇਕ ਆਲੋਚਨਾਤਮਿਕ ਮਜ਼ਮੂਨ ਦੇ ਪੇਸ਼ ਲਫ਼ਜ਼ ਵਿੱਚ ਬਿਆਨ ਕਰ ਦਿੱਤੇ । “ ਮੇਰੀ ਘੋਖ ਨੇ ਮੈਨੂੰ ਇਸ ਨਤੀਜੇ ਤੇ ਪਹੁੰਚਾਇਆ ਹੈ ਕਿ ਕਾਨੂੰਨੀ ਰਿਸ਼ਤੇ ਅਤੇ ਰਾਜ ਨਾ ਤਾਂ ਖ਼ੁਦ ਹੀ ਵਜੂਦ ਵਿੱਚ ਆ ਗਏ , ਨਾ ਇਨਸਾਨੀ ਦਮਾਗ਼ ਦੀ ਨਾਮ ਨਿਹਾਦ ਅਮੂਮੀ ਤਰਕੀ ਨਾਲ ਇਸ ਦੇ ਜ਼ਹੂਰ ਅਤੇ ਵਿਕਾਸ ਨੂੰ ਅਖ਼ਜ਼ ਕੀਤਾ ਜਾ ਸਕਦਾ ਹੈ ਬਲਕਿ ਇਹ ਜ਼ਿਆਦਾਤਰ ਜਿੰਦਗੀ ਦੀਆਂ ਪਦਾਰਥਕ ਹਾਲਤਾਂ ਦੀ ਪੈਦਾਵਾਰ ਹੁੰਦੇ ਹਨ _ਜਿਨ੍ਹਾਂ ਰਿਸ਼ਤਿਆਂ ਅਤੇ ਜ਼ਾਬਤਿਆਂ ਦੇ ਲਬ ਲਬਾਬ ਨੂੰ ਹੀਗਲ ਨੇ ਅਠਾਰਵੀਂ ਸਦੀ ਦੇ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੀ ਪੈਰਵੀ ਕਰਦੇ ਹੋਏ ‘ਸਿਵਲ ਸੁਸਾਇਟੀ‘ ਦੇ ਨਾਮ ਨਾਲ ਪੁਕਾਰਿਆ ਹੈ ਉਸ ਸਿਵਲ ਸੁਸਾਇਟੀ ਦੀ ਅਨਾਟਮੀ ਵੀ ਸਿਆਸੀ ਆਰਥਿਕਤਾ ਵਿੱਚ ਤਲਾਸ਼ ਕਰਨੀ ਚਾਹੀਦੀ ਹੈ ‘‘ ।

ਮਾਰਕਸ ਨੇ ਨਾ ਸਿਰਫ਼ ਪਦਾਰਥਵਾਦ ਨੂੰ ਸਮਾਜੀ ਅਮਲ ਤੱਕ ਫੈਲਾਇਆ ਬਲਕਿ ਉਸ ਨੇ ਪਦਾਰਥਵਾਦ ਦੇ ਦ੍ਰਿਸ਼ਟੀਕੋਣ ਨੂੰ ਹੋਰ ਤਰਕੀ ਦਿੱਤੀ ਜੋ ਇਸ ਦੇ ਪਹਿਲਾਂ ਮਕਾਨਕੀ ਅਤੇ ਅਧਿਆਤਮਵਾਦੀ ਨੌਈਤ ਦਾ ਧਾਰਨੀ ਸੀ ।

ਫ਼ੀਊਰਬਾਖ਼ ਨੇ ਤਾਂ ਹੀਗਲ ਦੇ ਵਿਰੋਧਵਿਕਾਸ ਨੂੰ ਰੱਦ ਕਰ ਦਿੱਤਾ ਸੀ ਮਗਰ ਮਾਰਕਸ ਨੇ ਇਸ ਤੇ ਆਲੋਚਨਾਤਮਿਕ ਨਜ਼ਰਸਾਨੀ ਕਰਨ ਦਾ ਬੀੜਾ ਉਠਾਇਆ । ਹੀਗਲ ਦਾ ਵਿਰੋਧਵਿਕਾਸੀ ਤਰੀਕਾ ਵਿਕਾਸ ਦਾ ਨਜ਼ਰੀਆ ਰੱਖਦਾ ਸੀ । ਹੀਗਲ ਘਟਨਾਵਾਂ ਅਤੇ ਵਰਤਾਰਿਆਂ ਨੂੰ ਉਨ੍ਹਾਂ ਦੇ ਅੰਤਰ ਅਮਲ ਅਤੇ ਅੰਤਰ ਸੰਬੰਧਾਂ ਦੀ ਰੋਸ਼ਨੀ ਵਿੱਚ ਵਿਕਾਸ , ਤਬਦੀਲੀ ਅਤੇ ਮਿਟ ਜਾਣ ਦੇ ਅਮਲ ਵਜੋਂ ਵੇਖਦਾ ਸੀ । ਇਸ ਦਾ ਮਕਸਦ ਇਹ ਦਿਖਾਉਣਾ ਸੀ ਕਿ ਇਸ ਅਮਲ ਦੇ ਅਧਾਰ ਵਿੱਚ ਵਿਰੋਧਾਂ ਦੀ ਕਸ਼ਮਕਸ਼ ਹੈ । ਵਿਰੋਧਵਿਕਾਸੀ ਵਿਧੀ ਅਧਿਆਤਮਵਾਦੀ ਵਿਧੀ ਤੋਂ ਜ਼ਿਆਦਾ ਤਰਕੀ ਪਸੰਦ ਸੀ ਜੋ ਕਿ ਦੁਨੀਆਂ ਨੂੰ ਚੀਜ਼ਾਂ ਦਾ ਇਤਫ਼ਾਕੀ ਢੇਰ ਕਰਾਰ ਦਿੰਦਾ ਸੀ ਜਿਨ੍ਹਾਂ ਦਾ ਆਪਸ ਵਿੱਚ ਕੋਈ ਤਾਲ ਮੇਲ ਨਾ ਹੋਵੇ , ਜਿਵੇਂ ਇਹ ਮੂਕ ਅਤੇ ਅਚਲ ਹੋਣ । ਲੇਕਿਨ ਹੀਗਲ ਦੇ ਫ਼ਲਸਫ਼ਈ ਤਰੀਕੇ ਵਿੱਚ ਇੱਕ ਵੱਡਾ ਨੁਕਸ ਸੀ ਕਿ ਇਹ ਵਿਚਾਰਵਾਦੀ ਸੀ । ਹੀਗਲ ਦਾ ਵਿਸਵਾਸ਼ ਇਹ ਸੀ ਕਿ ਕੁਦਰਤ ਅਤੇ ਸਮਾਜ ਦੇ ਵਿਕਾਸ ਦਾ ਆਧਾਰ ਰੂਹ (ਨਿਰਪੇਖ ਵਿਚਾਰ ) ਦੀ ਪ੍ਰਧਾਨਗੀ ਤੇ ਹੈ । ਹੀਗਲ ਨੇ ਹਰ ਸ਼ੈਅ ਦੀ ਉਲਟੀ ਤਸਵੀਰ ਦਿਖਾ ਕੇ ਖ਼ਿਆਲ ਦੇ ਖ਼ੁਦ ਦੇ ਵਿਕਾਸ ਨੂੰ ਹਕੀਕੀ ਤਰਕੀ ਦਾ ਬਦਲ ਪੇਸ਼ ਕਰ ਦਿੱਤਾ । ਖ਼ਿਆਲ ਦਾ ਆਤਮਵਿਕਾਸ ਜਿਸ ਦਾ ਭਾਵ ਸੀ ਚੀਜ਼ਾਂ ਦੇ ਵਿਰੋਧਵਿਕਾਸ ਦੀ ਬਜਾਏ ਖ਼ਿਆਲਾਂ ਦਾ ਵਿਰੋਧਵਿਕਾਸ ।

ਮਾਰਕਸ ਨੇ ਆਪ ਫ਼ਲਸਫ਼ੇ ਦੀ ਬੁਨਿਆਦ ਸਾਇੰਸ ਅਤੇ ਖਾਸਕਰ ਕੁਦਰਤੀ ਸਾਇੰਸ ਦੀ ਕੁੱਲ ਤਥ ਸਮਗਰੀ ਤੇ ਰੱਖੀ । ਉਸ ਨੇ ਹੀਗਲ ਦੇ ਵਿਰੋਧਵਿਕਾਸ ਨੂੰ ਪਦਾਰਥਵਾਦ ਦੇ ਨਾਲ ਮਿਲਾਕੇ ਇੱਕ ਇਕਾਈ ਬਣਾਈ ਅਤੇ ਦੁਨੀਆਂ ਨੂੰ ਇਕ ਸਮਗਰਤਾ ਦੀ ਸੂਰਤ ਵਿੱਚ ਨਵੀਂ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ।

ਮਾਰਕਸ ਦਾ ਮਸੌਦਾ ‘ਹੀਗਲ ਦੇ ਹੱਕ ਦੇ ਫ਼ਲਸਫ਼ੇ ਤੇ ਆਲੋਚਨਾ’ ਅਤੇ ਉਸ ਦੀ ਉਸ ਜ਼ਮਾਨੇ ਦੀ ਖ਼ਤੋ ਕਿਤਾਬਤ ਤੋਂ ਜ਼ਾਹਰ ਹੁੰਦਾ ਹੈ ਕਿ ਮਾਰਕਸ ਹੁਣ ਉਹ ਮਾਰਕਸ ਬਣ ਰਿਹਾ ਸੀ ਜਿਸ ਨੇ ਸੋਸ਼ਲਿਜ਼ਮ ਦੀ ਬੁਨਿਆਦ ਇਕ ਸਾਇੰਸ ਦੇ ਤੌਰ ਤੇ ਰੱਖੀ , ਜੋ ਆਧੁਨਿਕ ਪਦਾਰਥਵਾਦ ਦਾ ਬਾਨੀ ਸੀ ਅਤੇ ਜਿਸ ਦਾ ਮਵਾਦ ਬੇ ਹੱਦ ਵਾਰ ਸਾਬਤ ਹੋਇਆ ਅਤੇ ਪਦਾਰਥਵਾਦ ਦੇ ਪੂਰਬਲੇ ਰੂਪ ਦੀ ਨਿਸਬਤ ਬੇ ਨਜ਼ੀਰ ਹੱਦ ਤੱਕ ਜਚਿਆ ਤੁਲਿਆ ਹੈ । ਅਕਤੂਬਰ ੧੮੪੩ ਦੇ ਆਖ਼ਰ ਵਿੱਚ ਮਾਰਕਸ ਪੈਰਿਸ ਚਲਾ ਗਆ । ਫ਼ਰਾਂਸ ਦੀ ਰਾਜਧਾਨੀ ਦੀ ਜਿੰਦਗੀ ਨੇ ਉਸ ਨੂੰ ਨਵੀਂ ਆਗਹੀ ਅਤੇ ਸਿਆਸੀ ਤਜਰਬੇ ਨਾਲ ਮਾਲਾਮਾਲ ਕਰ ਦਿੱਤਾ । ਉਹ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਮਜ਼ਦੂਰਾਂ ਦੀਆਂ ਬਸਤੀਆਂ ਜ਼ਿਆਦਾਤਰ ਜਾਇਆ ਕਰਦਾ । ਉਸ ਨੇ ਅੰਜਮਨ ਅਦਲ ( ਇਹ ਜਰਮਨ ਮਜ਼ਦੂਰਾਂ ਅਤੇ ਕਾਰੀਗਰਾਂ ਦੀ ਇਕ ਖ਼ੁਫ਼ੀਆ ਜਮਾਤ ਸੀ ) ਦੇ ਲੀਡਰਾਂ ਅਤੇ ਫਰਾਂਸ ਦੀਆਂ ਬਹੁਤ ਸਾਰੀਆਂ ਖ਼ੁਫ਼ੀਆ ਸੰਗਠਨਾਂ ਦੇ ਰਹਨੁਮਾਇਆਂ ਨਾਲ ਵੀ ਰਾਬਤਾ ਕਾਇਮ ਕੀਤਾ , ਮਗਰ ਇਹਨਾਂ ਵਿਚੋਂ ਕਿਸੇ ਦਾ ਮੈਂਬਰ ਨਾ ਬਣਿਆ । ਇੱਥੇ ਉਸ ਨੇ ਫ਼ਰਾਂਸ ਦੇ ਖ਼ਿਆਲੀ ਸੋਸ਼ਲਿਸਟਾਂ ਆਟਾਨੇ ਕੀਬਟ , ਪੀਰੀ ਲੂਈ ਰੌਕਸ , ਲੂਈ ਬਲੈਂਕ ਅਤੇ ਪੀਰੀ ਪਰੂਧੋਂ ਨਾਲ ਵੀ ਜਾਣ ਪਛਾਣ ਹਾਸਲ ਕੀਤੀ । ਆਈਜ਼ਕ ਹਾਇਨੇ ਨਾਲ ਉਸ ਦੀ ਦੋਸਤੀ ਹੋਈ ਅਤੇ ਰੂਸੀ ਸੋਸ਼ਲਿਸਟਾਂ , ਐਮ , ਏ ਬਾਕੂਨਿਨ , ਵੀ , ਪੀ ਬੋਟਕਨ , ਅਤੇ ਦੂਸਰਿਆਂ ਨਾਲ ਵੀ ਨੇੜਤਾ ਹੋਈ ।

ਮਾਰਕਸ ਨੇ ਬੁਰਜ਼ਵਾ ਸਿਆਸੀ ਅਰਥ ਸਾਸ਼ਤਰੀਆਂ ਤੇ ਇਕ ਅਜ਼ੀਮ ਆਲੋਚਨਾਤਮਿਕ ਕਿਤਾਬ ਲਿਖਣ ਦਾ ਇਰਾਦਾ ਕੀਤਾ । ਅਤੇ ਉਸ ਨੁਕਤਾ ਨਜ਼ਰ ਨਾਲ ਸਿਆਸੀ ਅਰਥ ਸਾਸ਼ਤਰੀਆਂ ਦੇ ਕਲਾਸੀਕਲ ਨਮਾਇੰਦਿਆਂ ਐਡਮ ਸਮਿਥ , ਡੈਵਡ ਰੀਕਾਰਡੋ ਅਤੇ ਦੂਜੇ ਮਾਹਰ ਅਰਥ ਸਾਸ਼ਤਰੀਆਂ ਦੀਆਂ ਲਿਖਤਾਂ ਪੜ੍ਹੀਆਂ । ਇਸ ਅਧਿਐਨ ਦਾ ਨਤੀਜਾ੧੮੪੪ ਦੇ ਨਾ ਮੁਕੰਮਲ ‘ਆਰਥਿਕ ਅਤੇ ਫ਼ਲਸਫ਼ੀਆਨਾ ਖਰੜਿਆਂ‘ ਦੀ ਸੂਰਤ ਵਿੱਚ ਸਾਹਮਣੇ ਆਇਆ । ਆਰਥਿਕਤਾ ਦੇ ਬੁਰਜ਼ਵਾ ਮਾਹਿਰਾਂ ਤੇ ਆਲੋਚਨਾ ਕਰਦੇ ਹੋਏ ਮਾਰਕਸ ਨੇ ਸਰਮਾਏਦਾਰਾਨਾ ਸੋਸ਼ਣ ਦੇ ਕੁੱਝ ਨਕਸ਼ ਪਰਗਟ ਕੀਤੇ । ਇਸ ਨੇ ਅਰੰਭਕ ਭੋਂਡੀ ਸਮਾਨਤਾ ਦੇ ਕਮਿਊਨਿਜ਼ਮ ਤੇ ਆਲੋਚਨਾ ਕੀਤੀ । ਇਸ ਨੇ ਹੀਗਲ ਦੇ ਫ਼ਲਸਫ਼ੇ ਦਾ ਆਮ ਅਤੇ ਵਿਰੋਧਵਿਕਾਸ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਕੀਤਾ । ਇਸ ਮਸੌਦੇ ਤੇ ਹੁਣ ਵੀ ਫ਼ੀਊਰਬਾਖ਼ ਦਾ ਅਸਰ ਵਿਖਾਈ ਦਿੰਦਾ ਹੈ । ਇਸ ਨੇ ਅਜ਼ੀਮ ਖ਼ਿਆਲੀ ਯੂਟੋਪੀਅਨ ਸੋਸ਼ਲਿਸਟਾਂ ਸੇਂਟ ਸਾਈਮਨ , ਚਾਰਲਸ ਫ਼ੌਰੀਅਰ , ਰਾਬਰਟ ਓਵਨ ਅਤੇ ਦੂਸਰਿਆਂ ਦੀ ਕਾਰਕਰਦਗੀ ਦਾ ਵੀ ਅਧਿਐਨ ਕੀਤਾ । ਖ਼ਿਆਲੀ ਸੋਸ਼ਲਿਸਟਾਂ ਨੇ ਚਾਹੇ ਸਰਮਾਏਦਾਰੀ ਸਮਾਜ ਨੂੰ ਸ਼ਦੀਦ ਆਲੋਚਨਾ ਦਾ ਨਿਸ਼ਾਨਾ ਬਣਾਇਆ ਸੀ ਮਗਰ ਉਹ ਉਸ ਦੇ ਵਿਕਾਸ ਦੇ ਅਸੂਲ ਸਪਸ਼ਟ ਕਰਨ ਵਿੱਚ ਨਾਕਾਮ ਰਹੇ । ਉਹ ਉਸ ਸਮਾਜੀ ਤਾਕਤ ਦੀ ਨਿਸ਼ਾਨਦੇਹੀ ਵੀ ਨਾ ਕਰ ਸਕੇ ਜੋ ਨਵੀਂ ਸੋਸਾਇਟੀ ਦੀ ਤਾਮੀਰ ਵਿੱਚ ਹਰਾਵਲ ਦਸਤੇ ਦਾ ਕਰਦਾਰ ਅਦਾ ਕਰ ਸਕਦੀ ਸੀ ।

ਮਾਰਕਸ ਨੇ ਅਠਾਰਵੀਂ ਸਦੀ ਦੇ ਆਖਿਰ ਵਿੱਚ ਫਰਾਂਸ ਵਿੱਚ ਬਰਪਾ ਹੋਣ ਵਾਲੇ ਬੁਰਜ਼ਵਾ ਇਨਕਲਾਬ ਦੇ ਅਧਿਐਨ ਵਿੱਚ ਬਹੁਤ ਸਾਰਾ ਵਕਤ ਸਰਫ਼ ਕੀਤਾ । ਇਸ ਨੇ ਖਾਸਕਰ ਇਸ ਘਟਨਾ ਦਾ ਇਤਹਾਸਕ ਪਿਛੋਕੜ ਵੇਖਿਆ । ਫ੍ਰਾਂਸੀਸੀ ਮਜ਼ਦੂਰਾਂ ਦੀ ਜਿੰਦਗੀ ਅਤੇ ਜਦੋਜਹਦ ਨਾਲ ਤਾਜ਼ਾ ਆਸ਼ਨਾਈ , ਬੁਰਜ਼ਵਾ ਅਰਥ ਸਾਸ਼ਤਰੀਆਂ ਦੇ ਆਲੋਚਨਾਤਮਿਕ ਅਧਿਅਨ ਅਤੇ ਖ਼ਿਆਲੀ ਸੋਸ਼ਲਿਸਟਾਂ ਦੇ ਲੇਖਾਂ ਨੇ ਮਾਰਕਸ ਦੇ ਵਿਚਾਰਵਾਦ ਤੋਂ ਪਦਾਰਥਵਾਦ ਅਤੇ ਇਨਕਲਾਬੀ ਜਮਹੂਰੀਅਤ ਤੋਂ ਵਿਗਿਆਨਿਕ ਸਮਾਜਵਾਦ ਦੀ ਤਰਫ਼ ਜਾਣ ਦਾ ਫੈਸਲਾ ਦੇ ਦਿੱਤਾ । ਮਾਰਕਸ ਦੀ ਜਿੰਦਗੀ ਵਿੱਚ ਇਹ ਫ਼ੈਸਲਾਕੁਨ ਮੋੜ ਉਸ ਦੇ Deutsch - Franzosische Jahrbucher ਵਿੱਚ ਛਪਣ ਵਾਲੇ ਲੇਖਾਂ ਵਿੱਚ ਸਪਸ਼ਟ ਤੌਰ ਤੇ ਪ੍ਰਤੀਬਿੰਬਤ ਹੁੰਦਾ ਹੈ । ਇਹ ਅਖ਼ਬਾਰ ਮਾਰਕਸ ਅਤੇ ਆਰਨਲਡ ਰੋਜ ਦੀ ਸੰਪਾਦਕੀ ਵਿੱਚ ਫਰਵਰੀ ੧੮੪੪ ਵਿੱਚ ਪੈਰਿਸ ਤੋਂ ਪ੍ਰਕਾਸ਼ਿਤ ਹੋਇਆ । ਆਪਣੇ ਇਕ ਮਜ਼ਮੂਨ ‘ ਯਹੂਦੀਆਂ ਦਾ ਮਸਲਾ ‘ ਵਿੱਚ ਮਾਰਕਸ ਨੇ ਹੀਗਲ ਦੇ ਪੈਰੋਕਾਰ ਬਰੂਨੋ ਬਾਇਰ ਦੇ ਕੌਮੀ ਮਸਲਿਆਂ ਦੇ ਬਾਰੇ ਵਿੱਚ ਵਿਚਾਰਵਾਦੀ ਨਜ਼ਰੀਆ ਰੱਖਣ ਤੇ ਆਲੋਚਨਾ ਕਰਦੇ ਹੋਏ ਪਹਿਲੀ ਵਾਰ ਬੁਰਜ਼ਵਾ ਇਨਕਲਾਬ ਅਤੇ ਸਮਾਜਵਾਦੀ ਇਨਕਲਾਬ ਦੇ ਬੁਨਿਆਦੀ ਫਰਕ ਦੀ ਸਪਸ਼ਟ ਤਾਰੀਫ਼ ਕੀਤੀ ਜੋ ਪਹਿਲਾਂ ਕਦੇ ਨਹੀਂ ਹੋਈ ਸੀ । ਉਸ ਦਾ ਮਜ਼ਮੂਨ ‘ਹੀਗਲ ਦੇ ਹੱਕ ਦੇ ਫ਼ਲਸਫ਼ੇ ਤੇ ਆਲੋਚਨਾ , ਇਕ ਤਾਆਰੁਫ਼ ‘ ਆਪਣੀ ਗਹਿਰਾਈ ਅਤੇ ਅੰਤਰਦ੍ਰਿਸ਼ਟੀ ਦੇ ਲਿਹਾਜ਼ ਨਾਲ ਖਾਸ ਤੌਰ ਤੇ ਧਿਆਨਯੋਗ ਹੈ । ਜਰਮਨੀ ਵਿੱਚ ਧਰਮ ਤੇ ਆਲੋਚਨਾ ਦੀ ਸਕਾਰਾਤਮਕ ਅਹਿਮੀਅਤ ਕਬੂਲ ਕਰਦੇ ਹੋਏ ਮਾਰਕਸ ਨੇ ਵੇਖਿਆ ਕਿ ਕਿਸ ਤਰ੍ਹਾਂ ਤਰਕੀ ਪਸੰਦ ਫ਼ਲਸਫ਼ੇ ਦਾ ਕੰਮ ਧਰਮ ਦੇ ਖਿਲਾਫ ਜਦੋਜਹਿਦ ਤੋਂ ਉਨ੍ਹਾਂ ਬਾਹਰਮੁਖੀ ਹਾਲਤਾਂ ਦੇ ਖਿਲਾਫ ਜਦੋਜਹਿਦ ਵਿੱਚ ਬਦਲ ਗਿਆ ਜੋ ਧਰਮ ਨੂੰ ਜਨਮ ਦਿੰਦੀਆਂ ਹਨ , ਯਾਨੀ ਅਰਸ਼ ਤੇ ਆਲੋਚਨਾ ਨੂੰ ਧਰਤੀ ਤੇ ਆਲੋਚਨਾ , ਧਰਮ ਦੀ ਆਲੋਚਨਾ ਨੂੰ ਕਾਨੂੰਨ ਦੀ ਆਲੋਚਨਾ , ਅਤੇ ਦੀਨੀਅਤ ਤੇ ਨੁਕਤਾਚੀਨੀ ਨੂੰ ਸਿਆਸਤ ਤੇ ਨੁਕਤਾਚੀਨੀ ਦੇ ਰੂਪ ਵਿੱਚ ਬਦਲਣਾ ਹੈ । ਮਾਰਕਸ ਨੇ ਜ਼ੋਰ ਦਿੱਤਾ ਕਿ ਆਲੋਚਨਾ ਨਿਹਾਇਤ ਮੁਅਸਰ ਅਤੇ ਇਨਕਲਾਬੀ ਹੋਣੀ ਚਾਹੀਦੀ ਹੈ । ਉਸ ਨੇ ਲਿਖਿਆ ਕਿ ਆਲੋਚਨਾ ਦਾ ਹਥਿਆਰ ਸ਼ਮਸ਼ੀਰਾਂ ਦੇ ਨਾਲ ਹੋਣ ਵਾਲੀ ਜਦੋਜਹਦ ਦੀ ਜਗ੍ਹਾ ਨਹੀਂ ਲੈ ਸਕਦਾ । ਪਦਾਰਥਕ ਤਾਕਤ ਦਾ ਜਵਾਬ ਪਦਾਰਥਕ ਤਾਕਤ ਨਾਲ ਹੀ ਦਿੱਤਾ ਜਾ ਸਕਦਾ ਹੈ ਲੇਕਿਨ ਵਿਚਾਰ ਜਿਉਂ ਹੀ ਜਨਤਾ ਨੂੰ ਆਪਣੀ ਗਰਿਫ਼ਤ ਵਿੱਚ ਲੈ ਲੈਂਦਾ ਹੈ , ਪਦਾਰਥਕ ਤਾਕਤ ਬਣ ਜਾਂਦਾ ਹੈ ।

ਮਾਰਕਸ ਨੇ ਆਪ ਪਦਾਰਥਕ ਨੁਕਤਾ ਨਜ਼ਰ ਦੀ ਬੁਨਿਆਦ ਤੇ ਇਸ ਖ਼ਿਆਲ ਨੂੰ ਫ਼ਰੋਗ਼ ਦਿੱਤਾ ਕਿ ਨਜ਼ਰੀਆ ਜਨਤਾ ਨੂੰ ਉਸ ਵਕਤ ਆਪਣੀ ਗਰਿਫ਼ਤ ਵਿੱਚ ਲੈ ਸਕਦਾ ਹੈ ਜਦੋਂ ਉਹ ਉਨ੍ਹਾਂ ਦੀਆਂ ਜ਼ੁਰੂਰਤਾਂ ਅਤੇ ਬੁਨਿਆਦੀ ਵਿਰੋਧਤਾਈਆਂ ਦੀ ਸਹੀ ਤੌਰ ਤੇ ਅਕਾਸੀ ਕਰੇ । ਇਸ ਨੇ ਸਾਬਤ ਕੀਤਾ ਕਿ ਪਰੋਲਤਾਰੀਆ ਇਕ ਅਜਿਹਾ ਤਬਕਾ ਹੈ ਜੋ ਆਪਣੀ ਸੂਰਤੇ ਹਾਲ ਦੀ ਬਿਨਾ ਤੇ ਤਰਕੀ ਪਸੰਦ ਫ਼ਲਸਫ਼ੇ ਦੇ ਇਨਕਲਾਬੀ ਨਜ਼ਰੀਏ ਦਾ ਆਲੰਬਰਦਾਰ ਹੋ ਸਕਦਾ ਹੈ ਅਤੇ ਇਸਨੂੰ ਹੋਣਾ ਵੀ ਚਾਹੀਦਾ ਹੈ । ਉਹ ਕਹਿੰਦਾ ਹੈ ’’ ਜਿਵੇਂ ਕਿ ਫ਼ਲਸਫ਼ਾ ਪਰੋਲਤਾਰੀਆ ਦੇ ਵਜੂਦ ਵਿੱਚ ਆਪਣਾ ਪਦਾਰਥਕ ਹਥਿਆਰ ਪਾ ਲੈਂਦਾ ਹੈ ਇਸੇ ਤਰ੍ਹਾਂ ਪਰੋਲਤਾਰੀਆ ਨੂੰ ਫ਼ਲਸਫ਼ੇ ਵਿੱਚ ਆਪਣਾ ਰੂਹਾਨੀ ਹਥਿਆਰ ਮਿਲ ਜਾਂਦਾ ਹੈ “ । ਇਸ ਤਰ੍ਹਾਂ ਮਾਰਕਸ ਨੇ ਪਰੋਲਤਾਰੀਆ ਦੀ ਵਿਸ਼ਵ ਇਤਹਾਸਕ ਭੂਮਿਕਾ ਦਾ ਅਜ਼ੀਮ ਖ਼ਿਆਲ ਪਹਿਲੀ ਵਾਰ ਰੂਪਮਾਨ ਕੀਤਾ । ਇਨਸਾਨੀਅਤ ਦੇ ਕਲਿਆਣ ਦੀ ਅਵਾਜ਼ ਜੋ ਮਾਰਕਸ ਨੇ ਉਸ ਵਕਤ ਉਠਾਈ ਜਦੋਂ ਅਜੇ ਉਹ ਸਕੂਲ ਦਾ ਵਿਦਿਆਰਥੀ ਸੀ , ਹੁਣ ਉਸ ਆਵਾਜ ਨੇ ਨਿਹਾਇਤ ਮਜਬੂਤ, ਸਰਗਰਮ ਅਤੇ ਇਨਕਲਾਬੀ ਭੂਮਿਕਾ ਦਾ ਰੂਪ ਧਾਰ ਲਿਆ । ਇਨਸਾਨੀਅਤ ਦੀ ਖਿਦਮਤ ਦਾ ਮਕਸਦ ਪਰੋਲਤਾਰੀਆ ਦੀ ਖਿਦਮਤ ਕਰਾਰ ਪਾਇਆ ਜੋ ਨਿਹਾਇਤ ਵਿਕਸਿਤ ਅਤੇ ਅਸੂਲੀ ਤੌਰ ਤੇ ਇਨਕਲਾਬੀ ਤਬਕਾ ਸੀ , ਜੋ ਖ਼ੁਦ ਨੂੰ ਅਤੇ ਤਮਾਮ ਮਨੁੱਖ ਨੂੰ ਜਬਰ ਅਤੇ ਸੋਸ਼ਣ ਤੋਂ ਨਜਾਤ ਦਵਾਉਣ ਦੇ ਸਮਰਥ ਸੀ ।

ਉਸ ਵਕਤ ਤੋਂ ਲੈ ਕੇ ਆਇੰਦਾ ਉਸ ਦੀ ਤਮਾਮ ਊਰਜਾ ਅਤੇ ਬੁਧੀ ਦੀਆਂ ਤਮਾਮਤਰ ਤਾਕਤਾਂ ਪਰੋਲਤਾਰੀਆ ਦੀ ਤਿਆਰੀ ਦੇ ਤਾਈਂ ਵਕਫ਼ ਹੋ ਗਈਆਂ ਜੋ ਕਿ ਸਭ ਤੋਂ ਜ਼ਿਆਦਾ ਤਰਕੀਪਸੰਦ , ਮੁਕੰਮਲ ਇਨਕਲਾਬੀ ਤਬਕਾ ਹੈ ਅਤੇ ਉਸ ਦੁਨੀਆਂ ਭਰ ਨੂੰ ਇਨਕਲਾਬੀ ਤਬਦੀਲੀ ਨਾਲ ਹਮਕਨਾਰ ਕਰਨ ਦੀ ਸਮਰਥਾ ਰੱਖਦਾ ਹੈ । ਪਰੋਲਤਾਰੀਆ ਦੀਆਂ ਮੰਗਾਂ ਦੀ ਅਜ਼ਮ ਜਦੋਜਹਿਦ ਵਿੱਚ ਮਾਰਕਸ ਨੂੰ ਫ਼ਰੈਡਰਿਕ ਏਂਗਲਜ਼ ਦੀ ਸ਼ਖ਼ਸੀਅਤ ਦੇ ਰੂਪ ਵਿੱਚ ਇਕ ਵਫ਼ਾਦਾਰ ਦੋਸਤ ਅਤੇ ਕਾਮਰੇਡ ਮਿਲ ਗਿਆ । ਪਹਿਲੀ ਵਾਰ ਉਹ ਦੋਨਾਂ ੧੯੪੨ ਵਿੱਚ ਮਿਲੇ ਜਦੋਂ ਏਂਗਲਜ਼ ਨੇ ਇੰਗਲੈਂਡ ਜਾਂਦੇ ਹੋਏ ਕੋਲੋਨ ਵਿੱਚ ਆਪਣੇ ਸਫ਼ਰ ਤੋਂ ਦਮ ਲਿਆ ਅਤੇ ਰੀਨਸ਼ੇ ਜੇਤੁੰਗ Rheinische Zeitung ਦੇ ਸੰਪਾਦਕੀ ਦਫ਼ਤਰਾਂ ਵਿੱਚ ਗਿਆ । ਏਂਗਲਜ਼ ਦੇ ਇੰਗਲੈਂਡ ਵਿੱਚ ਕਿਆਮ ਦੇ ਦੌਰਾਨ ਦੋਨਾਂ ਦਾਨਸ਼ਵਰਾਂ ਵਿਚਕਾਰ ਖ਼ਤੋ ਕਤਾਬਤ ਦਾ ਸਿਲਸਲਾ ਜਾਰੀ ਰਿਹਾ । ਏਂਗਲਜ਼ ਨੇ ਇਕ ਨਿਬੰਧ ’ ਸਿਆਸੀ ਆਰਥਿਕਤਾ ਤੇ ਆਲੋਚਨਾਤਮਿਕ ਲੇਖਾਂ ‘ ਲਿਖਿਆ ਜੋ Deutsch - Franzosische Jahrbucher ਵਿੱਚ ਪ੍ਰਕਾਸ਼ਿਤ ਹੋਇਆ ਜਿਸ ਨਾਲ ਸਿਆਸੀ ਆਰਥਿਕਤਾ ਵਿੱਚ ਮਾਰਕਸ ਦੀ ਦਿਲਚਸਪੀ ਦੁਗਣੀ ਹੋ ਗਈ. ਅਗਸਤ ੧੮੪੪ ਦੇ ਆਖ਼ਿਰ ਵਿੱਚ ਏਂਗਲਜ਼ ਪੈਰਿਸ ਆਇਆ ਜਿਥੇ ਇਨ੍ਹਾਂ ਦੋਨੋਂ ਹਸਤੀਆਂ ਦੀ ਯਾਦਗਾਰੀ ਮੁਲਾਕਾਤ ਹੋਈ ਔਰ ਇਨ੍ਹਾਂ ਅਜ਼ੀਮ ਚਿੰਤਕਾਂ ਦੇ ਨਜ਼ਰੀਆਂ ਵਿੱਚ ਮੁਕੰਮਲ ਇੱਕ ਸੁਰਤਾ ਪਾਈ ਗਈ ।ਇਹ ਮੁਲਾਕਾਤ ਇਨ੍ਹਾਂ ਵਿਚਕਾਰ ਸਿਰਜਨਾ ਦੀ ਸਾਂਝ ਦਾ ਆਗ਼ਾਜ਼ ਸੀ , ਜਿਸ ਦੀ ਇਤਿਹਾਸ ਵਿੱਚ ਮਸਾਲ ਨਹੀਂ ਮਿਲਦੀ ।ਲੈਨਿਨ ਦੇ ਸ਼ਬਦਾਂ ਵਿੱਚ ਪੁਰਾਣੇ ਕਿੱਸਿਆਂ ਵਿੱਚ ਦੋਸਤੀ ਦੀਆਂ ਭਾਂਤ ਭਾਂਤ ਦੀਆਂ ਮੁਤਾਸਿਰ ਕੁਨ ਮਸਾਲਾਂ ਮਿਲਦੀਆਂ ਹਨ (ਕਾਰਲ ਮਾਰਕਸ ਏਂਗਲਜ਼ ਔਰ ਪਰੋਲਤਾਰੀਆ ਦੀ ਦੋਸਤੀ ਵੀ ਤਸਲੀਮ ਮਗਰ) ਯੂਰਪੀ ਪਰੋਲਤਾਰੀਆ ਬਜਾ ਤੌਰ ਪਰ ਕਹਿ ਸਕਦੀ ਹੈ ਕਿ ਇਸ ਕੀ ਸਾਇੰਸ ਦੋ ਦਾਨਸ਼ਵਰਾਂ ਔਰ ਜਾਨਬਾਜ਼ਾਂ ਨੇ ਰਚੀ ਜਿਨ੍ਹਾਂ ਦਾ ਰਸ਼ਤਾ ਮੁਹੱਬਤ ਦੀਆਂ ਕਦੀਮ ਇੰਤਹਾਈ ਅਸਰ ਅੰਗੇਜ਼ ਇਨਸਾਨ ਦੋਸਤੀਆਂ ਨੂੰ ਵੀ ਮਾਤ ਕਰ ਦਿੰਦਾ ਹੈ।

ਹਵਾਲੇ

  1. 1.0 1.1 "Karl Heinrich Marx - Biography". The European Graduate School.
  2. 2.0 2.1 Wolff, Jonathan (੨੦੧੦-੦6-੧੪). "Karl Marx (Summer ੨੦੧੧ Edition)". The Stanford Encyclopedia of Philosophy. {{cite web}}: Check date values in: |date= (help)

ਹੋਰ ਜਾਣਕਾਰੀ ਲਈ